ਜਦੋਂ ਵੀ ਕਦੇ ਅਸੀਂ ਸੜਕ ‘ਤੇ ਲੰਬੀ ਯਾਤਰਾ ‘ਤੇ ਜਾਂਦੇ ਹਾਂ ਤਾਂ ਹਮੇਸ਼ਾ ਸਾਡਾ ਧਿਆਨ ਸੜਕ ਕਿਨਾਰੇ ਲੱਗੇ ਮੀਲ ਦੇ ਪੱਥਰਾਂ ‘ਤੇ ਜਾਂਦਾ ਹੈ। ਜਿਵੇਂ-ਜਿਵੇਂ ਸਫ਼ਰ ‘ਤੇ ਅਸੀਂ ਅੱਗੇ ਵਧਦੇ ਹਾਂ, ਸਾਨੂੰ ਇਨ੍ਹਾਂ ਤੋਂ ਪਤਾ ਲੱਗਦਾ ਰਹਿੰਦਾ ਹੈ ਕਿ ਸਾਡੀ ਮੰਜ਼ਲ ਹੁਣ ਕਿੰਨੀ ਦੂਰ ਰਹਿ ਗਈ ਹੈ। ਇਨ੍ਹਾਂ ‘ਤੇ ਆਉਣ ਵਾਲੀ ਜਗ੍ਹਾ ਦੇ ਨਾਂ ਦੇ ਨਾਲ-ਨਾਲ ਉਨ੍ਹਾਂ ਦਰਮਿਆਨ ਦੀ ਦੂਰੀ ਅਤੇ ਕਈ ਤਰ੍ਹਾਂ ਦੇ ਨਿਸ਼ਾਨ ਲੱਗੇ ਹੁੰਦੇ ਹਨ।
ਇਸ ਦੇ ਨਾਲ ਹੀ ਇਨ੍ਹਾਂ ਮੀਲ ਦੇ ਪੱਥਰਾਂ ਦਾ ਰੰਗ ਵੀ ਵੱਖ-ਵੱਖ ਹੁੰਦਾ ਹੈ। ਇਹ ਪੱਥਰ ਯਾਤਰੀਆਂ ਲਈ ਇਕ ਮਾਰਕਰ ਦਾ ਕੰਮ ਕਰਦੇ ਹਨ। ਇਹ ਦੱਸਦੇ ਹਨ ਕਿ ਕੀ ਤੁਸੀਂ ਸਹੀ ਦਿਸ਼ਾ ‘ਚ ਚੱਲ ਰਹੇ ਹੋ ਜਾਂ ਤੁਹਾਡੀ ਮੰਜ਼ਲ ਹੋਰ ਕਿੰਨੀ ਦੂਰ ਹੈ? ਜ਼ਿਆਦਾਤਰ ਇਹ ਪੱਥਰ ਹਰ ਕਿਲੋਮੀਟਰ ‘ਤੇ ਲਗਾਏ ਜਾਂਦੇ ਹਨ ਪਰ ਇਨ੍ਹਾਂ ਦੇ ਵੱਖ-ਵੱਖ ਰੰਗ ਦਾ ਵੀ ਖਾਸ ਮਤਲਬ ਹੁੰਦਾ ਹੈ। ਕਿਤੇ ਤੁਹਾਨੂੰ ਪੀਲੇ ਰੰਗ ਦੇ ਪੱਥਰ ਦਿੱਸਣਗੇ ਤਾਂ ਕਿਤੇ ਹਰੇ, ਕਾਲੇ ਅਤੇ ਨਾਰੰਗੀ ਪਰ ਇਨ੍ਹਾਂ ਹਰ ਰੰਗ ਦੇ ਪੱਥਰਾਂ ਦਾ ਵੱਖ-ਵੱਖ ਮਤਲਬ ਹੁੰਦਾ ਹੈ ਜੋ ਕਿ ਯਾਤਰੀਆਂ ਨੂੰ ਕੁਝ ਸੂਚਨਾ ਦੇਣ ਲਈ ਹੁੰਦਾ ਹੈ।
ਪੀਲਾ ਰੰਗ- ਜੇਕਰ ਤੁਹਾਨੂੰ ਰਸਤੇ ‘ਚ ਪੀਲੇ ਰੰਗ ਦੇ ਪੱਥਰ ਦਿੱਸਣ ਤਾਂ ਸਮਝ ਜਾਣਾ ਕਿ ਅਜੇ ਤੁਸੀਂ ਨੈਸ਼ਨਲ ਹਾਈਵੇਅ ‘ਤੇ ਹੋ। ਪਿਛਲੇ ਸਾਲ ਦੇ ਅੰਕੜਿਆਂ ਅਨੁਸਾਰ ਤਾਂ ਦੇਸ਼ ‘ਚ ਨੈਸ਼ਨਲ ਹਾਈਵੇਅ ਦਾ ਨੈੱਟਵਰਕ 1,65,000 ਕਿਲੋਮੀਟਰ ਖੇਤਰ ‘ਚ ਫੈਲਿਆ ਹੈ। ਇਹ ਹਾਈਵੇਅ ਰਾਜਾਂ ਅਤੇ ਸ਼ਹਿਰਾਂ ਨੂੰ ਆਪਸ ‘ਚ ਜੋੜਦੇ ਹਨ। ਸੈਂਟਰਲ ਗਵਰਨਮੈਂਟ ਇਨ੍ਹਾਂ ਹਾਈਵੇਅ ਨੂੰ ਮੈਨਟੇਨ ਕਰਦੀ ਹੈ।
ਹਰਾ ਰੰਗ- ਤੁਸੀਂ ਕਈ ਜਗ੍ਹਾ ਇਨ੍ਹਾਂ ਮੀਲ ਦੇ ਪੱਥਰਾਂ ਦਾ ਰੰਗ ਹਰਾ ਵੀ ਦੇਖਿਆ ਹੋਵੇਗਾ। ਜੇਕਰ ਤੁਹਾਨੂੰ ਹਰੇ ਰੰਗ ਦੇ ਪੱਟੇ ਦਿੱਸਣ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਨੈਸ਼ਨਲ ਹਾਈਵੇਅ ਤੋਂ ਨਿਕਲ ਕੇ ਸਟੇਟ ਹਾਈਵੇਅ ‘ਤੇ ਪੁੱਜ ਚੁਕੇ ਹਨ। ਜ਼ਿਕਰਯੋਗ ਹੈ ਕਿ ਸਟੇਟ ਹਾਈਵੇਅ ਰਾਜਾਂ ਅਤੇ ਜ਼ਿਲਿਆਂ ਨੂੰ ਆਪਸ ‘ਚ ਜੋੜਦੇ ਹਨ। ਇਨ੍ਹਾਂ ਦੀ ਦੇਖਰੇਖ ਦੀ ਜ਼ਿੰਮੇਵਾਰੀ ਰਾਜ ਸਰਕਾਰ ਦੇ ਹੱਥਾਂ ‘ਚ ਹੁੰਦੀ ਹੈ।
ਕਾਲਾ ਰੰਗ- ਕੀ ਤੁਸੀਂ ਕਦੇ ਇਨ੍ਹਾਂ ਮਾਈਲਸਟੋਨ ਨੂੰ ਕਾਲੇ ਰੰਗ ਨਾਲ ਪੇਂਟ ਦੇਖਿਆ ਹੈ। ਜੇਕਰ ਹਾਂ ਤਾਂ ਇਸ ਦਾ ਮਤਲਬ ਹੈ ਕਿ ਹੁਣ ਤੁਸੀਂ ਸਫ਼ਰ ਕਰਦੇ ਹੋਏ ਕਿਸੇ ਵੱਡੇ ਸ਼ਹਿਰ ਜਾਂ ਜ਼ਿਲੇ ‘ਚ ਪ੍ਰਵੇਸ਼ ਕਰ ਚੁਕੇ ਹੋ। ਇੱਥੋਂ ਦੀਆਂ ਸੜਕਾਂ ਦੀ ਜ਼ਿੰਮੇਵਾਰੀ ਜ਼ਿਲਾ ਪ੍ਰਸ਼ਾਸਨ ਦੀ ਹੁੰਦੀ ਹੈ।
ਨਾਰੰਗੀ ਰੰਗ- ਜੇਕਰ ਸਫ਼ਰ ਦੌਰਾਨ ਤੁਹਾਡੀ ਨਜ਼ਰ ਨਾਰੰਗੀ ਰੰਗ ਦੇ ਮਾਈਲਸਟੋਨ ‘ਤੇ ਪਵੇ ਤਾਂ ਇਸ ਦਾ ਅਰਥ ਹੈ ਕਿ ਤੁਸੀਂ ਕਿਸੇ ਪਿੰਡ ‘ਚ ਪੁੱਜ ਚੁਕੇ ਹੋ। ਇਹ ਸੜਕਾਂ ਪ੍ਰਧਾਨ ਮੰਤਰੀ ਪੇਂਡੂ ਸੜਕ ਯੋਜਨਾ ਦੇ ਅਧੀਨ ਬਣਾਈਆਂ ਗਈਆਂ ਹੁੰਦੀਆਂ ਹਨ।