ਦੇਸ ਨੂੰ ਕਰਜਾਈ ਕਰਨ ਦਾ ਸੱਚ ਜਾਂ ਝੂਠ ਮੋਦੀ ਸਰਕਾਰ ਵੱਲੋਂ ਜਾਣੋ ਅਤੇ ਰਾਇ ਵੀ ਦਿਉ

ਸਦਾ ਬਹਾਰ
Spread the love

ਮੋਦੀ ਸਰਕਾਰ ਦੌਰਾਨ ਗ਼ੈਰ ਬਰਾਬਰੀ, ਬੇਰੁਜ਼ਗਾਰੀ ਤੇ ਮਹਿੰਗਾਈ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ | ਜਨਤਕ ਜਾਇਦਾਦਾਂ ਕੌਡੀਆਂ ਦੇ ਭਾਅ ਆਪਣੇ ਮਿੱਤਰ ਕਾਰਪੋਰੇਟਾਂ ਦੇ ਹਵਾਲੇ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਹੁਣ ਨਵਾਂ ਤੱਥ ਸਾਹਮਣੇ ਆਇਆ ਹੈ ਕਿ ਦੇਸ਼ ਨੂੰ ਕਰਜ਼ੇ ਵਿੱਚ ਡਬੋਣ ਲਈ ਵੀ ਮੋਦੀ ਸਰਕਾਰ ਵਿਸ਼ਵ ਗੁਰੂ ਬਣ ਚੁੱਕੀ ਹੈ |

ਇਹ ਸਰਕਾਰ ਜਿਸ ਤਰ੍ਹਾਂ ਕਰਜ਼ਾ ਚੁੱਕ ਕੇ ਕੰਮ ਚਲਾ ਰਹੀ ਹੈ, ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੇ ਲੋਕਾਂ ਦਾ ਰੋਮ-ਰੋਮ ਕਰਜ਼ੇ ਵਿੱਚ ਡੁੱਬ ਜਾਵੇਗਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੀਆਂ ਸਭ ਸਰਕਾਰਾਂ ਨੂੰ ਨਿੰਦਦਿਆਂ ਕਹਿੰਦੇ ਰਹਿੰਦੇ ਹਨ ਕਿ ਪਿਛਲੇ 70 ਸਾਲਾਂ ਦੌਰਾਨ ਕੋਈ ਵਿਕਾਸ ਨਹੀਂ ਹੋਇਆ, ਉਲਟਾ ਦੇਸ਼ ਕਰਜ਼ੇ ਹੇਠ ਆ ਗਿਆ ਹੈ | ਤੱਥ ਉਨ੍ਹਾਂ ਦੇ ਕਥਨਾਂ ਦੀ ਖਿੱਲੀ ਉਡਾਉਂਦੇ ਹਨ | ਜੇਕਰ ਭਾਰਤ ਸਿਰ ਕਰਜ਼ੇ ਦਾ ਹਿਸਾਬ ਕੀਤਾ ਜਾਵੇ ਤਾਂ 1947 ਤੋਂ ਲੈ ਕੇ 2014 ਦੇ 67 ਸਾਲਾਂ ਦੌਰਾਨ ਦੇਸ਼ ਸਿਰ ਕੁੱਲ ਕਰਜ਼ਾ 55.87 ਲੱਖ ਕਰੋੜ ਰੁਪਏ ਚੜਿ੍ਹਆ ਸੀ |

2014 ਵਿੱਚ ਨਰਿੰਦਰ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਬਣੀ ਸੀ | ਮੋਦੀ ਰਾਜ ਦੇ ਇਨ੍ਹਾਂ 9 ਸਾਲਾਂ ਦੌਰਾਨ ਭਾਰਤ ਸਿਰ ਕਰਜ਼ਾ ਵਧ ਕੇ 155.31 ਲੱਖ ਕਰੋੜ ਹੋ ਗਿਆ | ਇਹ 67 ਸਾਲਾਂ ਦੇ ਕਰਜ਼ੇ ਨਾਲੋਂ 2.77 ਗੁਣਾ ਵੱਧ ਬਣਦਾ ਹੈ | ਜੇਕਰ ਹਰ ਭਾਰਤੀ ਦੇ ਸਿਰ ਚੜ੍ਹੇ ਕਰਜ਼ੇ ਦੀ ਗੱਲ ਕੀਤੀ ਜਾਵੇ ਤਾਂ 2014 ਤੋਂ ਪਹਿਲਾਂ ਇਹ 43,124 ਰੁਪਏ ਪ੍ਰਤੀ ਵਿਅਕਤੀ ਸੀ, ਜੋ ਮੋਦੀ ਰਾਜ ਦੌਰਾਨ 1 ਲੱਖ 9 ਹਜ਼ਾਰ 373 ਰੁਪਏ ਹੋ ਗਿਆ ਹੈ |

ਇਸ ਤਰ੍ਹਾਂ ਇਨ੍ਹਾਂ ਨੌਂ ਸਾਲਾਂ ਦੌਰਾਨ ਪ੍ਰਤੀ ਵਿਅਕਤੀ ਕਰਜ਼ੇ ਵਿੱਚ 2.53 ਗੁਣਾ ਵਾਧਾ ਹੋ ਚੁੱਕਾ ਹੈ | ਕੌਮਾਂਤਰੀ ਮੁਦਰਾ ਕੋਸ਼ ਅਨੁਸਾਰ ਭਾਰਤ ਸਿਰ ਕਰਜ਼ਾ ਜੀ ਡੀ ਪੀ ਦੇ 83 ਪ੍ਰਤੀਸ਼ਤ ਤੱਕ ਪਹੁੰਚ ਗਿਆ, ਜੋ ਵਿਕਾਸਸ਼ੀਲ ਦੇਸ਼ਾਂ ਦੇ 64.5 ਫੀਸਦੀ ਕਰਜ਼ੇ ਤੋਂ ਕਿਤੇ ਵੱਧ ਹੈ |ਆਕਸਫੈਮ ਦੀ ਰਿਪੋਰਟ ਮੁਤਾਬਕ ਭਾਰਤ ਵਿੱਚ ਸਭ ਤੋਂ ਅਮੀਰ 5 ਫੀਸਦੀ ਲੋਕਾਂ ਕੋਲ ਦੇਸ਼ ਦਾ 60 ਫੀਸਦੀ ਧਨ ਹੈ, ਜਦੋਂ ਕਿ ਹੇਠਲੀ ਅੱਧੀ ਅਬਾਦੀ ਕੋਲ ਸਿਰਫ 3 ਫੀਸਦੀ ਧਨ ਹੈ | ਦੂਜੇ ਪਾਸੇ ਜੀ ਐੱਸ ਟੀ ਰਾਹੀਂ ਇਕੱਠੇ ਹੁੰਦੇ ਪੈਸੇ ਵਿੱਚੋਂ 64 ਫੀਸਦੀ ਹੇਠਲੀ 50 ਫੀਸਦੀ ਅਬਾਦੀ ਤੋਂ ਆਉਂਦੇ ਹਨ ਤੇ ਜਦੋਂ ਕਿ ਉੱਪਰਲੀ 10 ਫੀਸਦੀ ਤੋਂ 3 ਫ਼ੀਸਦੀ ਆਉਂਦੇ ਹਨ |

ਸਪੱਸ਼ਟ ਹੈ ਕਿ ਉੱਪਰਲੇ ਅਮੀਰਾਂ ਪ੍ਰਤੀ ਲਿਹਾਜ਼ੂ ਰਵੱਈਏ ਕਾਰਨ ਉਨ੍ਹਾਂ ਦੀ ਦੌਲਤ ਵਧੀ ਜਾਂਦੀ ਹੈ ਤੇ ਟੈਕਸਾਂ ਦਾ ਭਾਰ ਲੋਕਾਂ ਉੱਤੇ ਵਧੀ ਜਾਂਦਾ ਹੈ | ਕਾਰਪੋਰੇਟਾਂ ਪ੍ਰਤੀ ਮਿੱਤਰਚਾਰੇ ਕਾਰਨ ਉਨ੍ਹਾਂ ਉੱਤੇ ਟੈਕਸ ਲਾਉਣ ਦੀ ਥਾਂ ਕਰਜ਼ਾ ਚੁੱਕ ਕੇ ਕੰਮ ਚਲਾਇਆ ਜਾ ਰਿਹਾ ਹੈ | ਇਸ ਸਥਿਤੀ ਉੱਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ ਸੀ, ‘ਮਹਾਂਮਾਰੀ ਦੌਰਾਨ ਪ੍ਰਧਾਨ ਮੰਤਰੀ ਦੇ ‘ਫੇਵਰਿਟ ਮਿੱਤਰ’ ਦੀ ਦੌਲਤ 8 ਗੁਣਾ ਕਿਵੇਂ ਵਧੀ? ਇੱਕ ਸਾਲ ਵਿੱਚ ਪ੍ਰਧਾਨ ਮੰਤਰੀ ਦੇ ‘ਫੇਵਰਿਟ ਮਿੱਤਰ’ ਦੀ ਦੌਲਤ 46 ਫੀਸਦੀ ਕਿਵੇਂ ਵਧੀ? ਮੀਡੀਆ ਜਨਤਾ ਦਾ ਧਿਆਨ ਭਟਕਾਉਂਦਾ ਰਿਹਾ ਤੇ ਪ੍ਰਧਾਨ ਮੰਤਰੀ ਦੇ ‘ਮਿੱਤਰ’ ਜੇਬ ਕੱਟਦੇ ਰਹੇ | ਗ਼ਰੀਬਾਂ ਦੀ ਕਮਾਈ ਮਿੱਤਰਾਂ ਨੇ ਚੁਰਾਈ |’


ਮੋਦੀ ਨੇ 2014 ਦੀ ਲੋਕ ਸਭਾ ਚੋਣ ਮੁਹਿੰਮ ਦੌਰਾਨ ਵਾਅਦਾ ਤਾਂ ਕੀਤਾ ਸੀ ਕਾਲਾ ਧਨ ਵਾਪਸ ਲਿਆ ਕੇ ਹਰ ਭਾਰਤੀ ਦੀ ਖਾਤੇ ਵਿੱਚ 15 ਲੱਖ ਰੁਪਏ ਪਾਉਣ ਦਾ, ਪਰ ਚਾੜ੍ਹ ਦਿੱਤਾ ਸਭ ਭਾਰਤੀਆਂ ਸਿਰ 100 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ | ਜੇਕਰ ਮੋਦੀ ਸਰਕਾਰ ਇਸੇ ਰਾਹ ਤੁਰਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦੀ ਸਮੁੱਚੀ ਆਮਦਨ ਕਰਜ਼ੇ ਦੀਆਂ ਕਿਸ਼ਤਾਂ ਤਾਰਨ ਉੱਤੇ ਖ਼ਰਚ ਹੋਣ ਲੱਗ ਪਵੇਗੀ |