ਲੁਧਿਆਣਾ ਜ਼ਿਲ੍ਹੇ ਦੇ ਸ੍ਰੀ ਮਾਛੀਵਾੜਾ ਸਾਹਿਬ ਅਧੀਨ ਆਉਂਦੇ ਪਿੰਡ ਹਯਾਤਪੁਰ ਬੇਟ ਨੇੜੇ ਚੱਲਦੀ ਫਾਰਚੂਨਰ ‘ਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਐਨਆਰਆਈ ਨੌਜਵਾਨ ਨੇ ਚੱਲਦੀ ਕਾਰ ਵਿੱਚ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਛਿੰਦਾ ਵਾਸੀ ਪਿੰਡ ਗੌਸਗੜ੍ਹ ਵਜੋਂ ਹੋਈ।
1 ਸਾਲ ਪਹਿਲਾਂ ਅਮਰੀਕਾ ਤੋਂ ਆਇਆ ਸੀ ਵਾਪਿਸ
ਛਿੰਦਾ ਲਗਭਗ 1 ਸਾਲ ਪਹਿਲਾਂ ਅਮਰੀਕਾ ਤੋਂ ਵਾਪਸ ਆਇਆ ਸੀ। ਇੱਥੇ ਪਿੰਡ ਵਿੱਚ ਖੇਤੀਬਾੜੀ ਅਤੇ ਡੇਅਰੀ ਦਾ ਧੰਦਾ ਕਰਦਾ ਸੀ। ਖੁਦਕੁਸ਼ੀ ਕਰਨ ਤੋਂ ਬਾਅਦ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਖੇਤਾਂ ਵਿੱਚ ਖੜ੍ਹੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਆਏ ਅਤੇ ਦੇਖਿਆ ਕਿ ਸੁਰਿੰਦਰ ਸਿੰਘ ਖੂਨ ਨਾਲ ਲੱਥਪੱਥ ਡਰਾਈਵਰ ਸੀਟ ‘ਤੇ ਪਿਆ ਸੀ।
ਹਸਪਤਾਲ ਲਿਜਾਂਦੇ ਸਮੇਂ ਹੋ ਗਈ ਮੌਤ
।
ਹਯਾਤਪੁਰ ਬੇਟ ਵਿੱਚ ਖੇਤਾਂ ਵਿੱਚ ਕੰਮ ਕਰ ਰਹੇ ਜਗਰੂਪ ਸਿੰਘ ਨੇ ਦੱਸਿਆ ਕਿ ਜਦੋਂ ਉਸਨੇ ਗੱਡੀ ਦੇ ਖੰਭੇ ਨਾਲ ਟਕਰਾਉਣ ਦੀ ਆਵਾਜ਼ ਸੁਣੀ ਤਾਂ ਉਸ ਨੇ ਇੰਜਣ ਵਿੱਚੋਂ ਧੂੰਆਂ ਨਿਕਲਦਾ ਦੇਖਿਆ। ਉਸ ਨੇ ਸੋਚਿਆ ਸ਼ਾਇਦ ਕਾਰ ਨੂੰ ਅੱਗ ਲੱਗ ਗਈ ਹੈ। ਉਸ ਨੇ ਭੱਜ ਕੇ ਨੇੜੇ ਜਾ ਕੇ ਦੇਖਿਆ ਕਿ ਸੁਰਿੰਦਰ ਸਿੰਘ ਛਿੰਦਾ ਖੂਨ ਨਾਲ ਲੱਥਪੱਥ ਡਰਾਈਵਰ ਸੀਟ ‘ਤੇ ਪਿਆ ਸੀ। ਨੇੜੇ ਦਾ ਪਿੰਡ ਹੋਣ ਕਰਕੇ, ਉਹ ਸੁਰਿੰਦਰ ਸਿੰਘ ਨੂੰ ਪਹਿਲਾਂ ਹੀ ਜਾਣਦਾ ਸੀ ਕਿਉਂਕਿ ਉਸ ਦੇ ਪਿਤਾ ਵੀ ਪਿੰਡ ਦੇ ਸਾਬਕਾ ਸਰਪੰਚ ਹਨ। ਉਸ ਨੇ ਤੁਰੰਤ ਸੁਰਿੰਦਰ ਸਿੰਘ ਦੇ ਘਰ ਸੂਚਿਤ ਕੀਤਾ। ਪਰਿਵਾਰਕ ਮੈਂਬਰ ਮੌਕੇ ‘ਤੇ ਪਹੁੰਚੇ ਅਤੇ ਖੂਨ ਨਾਲ ਲੱਥਪੱਥ ਸੁਰਿੰਦਰ ਸਿੰਘ ਨੂੰ ਦੂਜੀ ਕਾਰ ਰਾਹੀਂ ਹਸਪਤਾਲ ਲੈ ਗਏ। ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ। ਬਾਕੀ ਪੁਲਿਸ ਜਾਂਚ ਵਿੱਚ ਲੱਗ ਗਈ ਹੈ।
ਮਾਮਲੇ ਦੀ ਕੀਤੀ ਜਾ ਰਹੀ ਜਾਂਚ
ਖੰਨਾ ਦੇ ਐਸਐਸਪੀ ਅਸ਼ਵਨੀ ਗੋਟਿਆਲ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ। ਡੀਐਸਪੀ (ਜਾਂਚ) ਸੁਖ ਅੰਮ੍ਰਿਤ ਸਿੰਘ ਰੰਧਾਵਾ ਅਤੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ। ਐਸਐਸਪੀ ਨੇ ਚਸ਼ਮਦੀਦ ਨਾਲ ਵੀ ਗੱਲ ਕੀਤੀ ਅਤੇ ਘਟਨਾ ਬਾਰੇ ਜਾਣਕਾਰੀ ਇਕੱਠੀ ਕੀਤੀ। ਡੀਐਸਪੀ ਰੰਧਾਵਾ ਨੇ ਕਿਹਾ ਕਿ ਪਹਿਲੀ ਨਜ਼ਰ ‘ਚ ਪੁਲਿਸ ਇਸ ਮਾਮਲੇ ਨੂੰ ਖੁਦਕੁਸ਼ੀ ਮੰਨ ਰਹੀ ਹੈ। ਖੁਦਕੁਸ਼ੀ ਕਿਉਂ ਕੀਤੀ, ਇਸਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦਾ ਮੋਬਾਈਲ ਵੀ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਹਰ ਪਹਿਲੂ ਤੋਂ ਇਸ ਦੀ ਜਾਂਚ ਕਰ ਰਹੀ ਹੈ।