ਯੂਟਿਊਬਰ ਭਾਨਾ ਸਿੱਧੂ ਖ਼ਿਲਾਫ ਪਟਿਆਲਾ ਦੇ ਸਦਰ ਥਾਣੇ ਵਿਚ ਪਰਚਾ ਦਰਜ ਹੋਇਆ ਹੈ।
ਸ਼ਿਕਾਇਤ ਕਰਤਾ ਪੂਨਮ ਸੁਆਮੀ ਨੇ ਭਾਨਾ ਸਿੱਧੂ ਅਤੇ ਉਸਦੇ ਸਾਥੀਆਂ ‘ਤੇ ਉਨ੍ਹਾਂ ਦੀ ਡੇਰੇ ਦੀ ਜ਼ਮੀਨ ‘ਚ ਧੱਕੇ ਨਾਲ ਪੱਕੀ ਹੋਈ ਝੋਨੇ ਦੀ ਫਸਲ ਵੱਢਣ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਹਨ।ਪੀੜਤਾਂ ਨੇ ਆਪਣੇ ਬਿਆਨਾਂ ‘ਚ ਲਿਖਾਇਆ ਹੈ ਕਿ ਅਸੀਂ ਆਪਣੇ ਪਿੰਡ ਤੇਜਾਂ ਵਿੱਚ ਕੁੱਲ ਜ਼ਮੀਨ 106 ਏਕੜ ਵਿੱਚੋਂ 36 ਏਕੜ ਜ਼ਮੀਨ ਵਿੱਚ ਝੋਨਾ ਲਗਾਇਆ ਹੋਇਆ ਸੀ ਅਤੇ ਜਦੋਂ 7 ਤਰੀਕ ਨੂੰ ਅਸੀਂ ਆਪਣੇ ਪਿੰਡ ਫ਼ਸਲ ਦੇਖਣ ਲਈ ਗਏ ਤਾਂ ਸਾਡੇ ਖੇਤਾਂ ‘ਚ ਅਮਨ ਸਿੱਧੂ, ਭਾਨਾ ਸਿੱਧੂ ਅਤੇ ਉਸਦੀ ਭੈਣ ਪਾਲ ਕੌਰ ਸਮੇਤ ਅੱਠ ਤੋਂ 9 ਵਿਅਕਤੀ ਸਾਡੀ ਝੋਨੇ ਦੀ ਫ਼ਸਲ ਵੱਢ ਰਹੇ ਸਨ।
ਜਦੋਂ ਅਸੀਂ ਇਹਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਵਿਅਕਤੀ ਸਾਡੇ ਗਲ ਪੈ ਗਏ ਅਤੇ ਕੁੱਟਣ ਮਾਰਨ ਦੀ ਕੋਸ਼ਿਸ਼ ਕਰਨ ਲੱਗੇ ਅਤੇ ਅਸੀਂ ਆਪਣੀ ਜਾਨ ਬਚਾ ਕੇ ਗੱਡੀ ਵਿੱਚ ਸਵਾਰ ਹੋ ਕੇ ਆਉਣ ਲੱਗੇ ਤਾਂ ਇਹਨਾਂ ਨੇ ਸਾਡੀ ਗੱਡੀ ਦੇ ਅੱਗੇ ਆਪਣੀ ਗੱਡੀ ਲਗਾ ਕੇ ਸਾਨੂੰ ਘੇਰ ਕੇ ਰੋਕ ਲਿਆ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਲੱਗੇ। ਇਸ ਤੋਂ ਅਸੀਂ ਜਾਨ ਬਚਾ ਕੇ ਆਪਣੇ ਘਰ ਚਲੇ ਗਏ।ਪੂਨਮ ਸੁਆਮੀ ਵੱਲੋਂ ਅੱਗੇ ਬਿਆਨਾਂ ਵਿਚ ਇਹ ਵੀ ਲਿਖਾਇਆ ਗਿਆ ਕਿ ਜਦੋਂ ਉਹ ਗੱਡੀ ਦੇ ਵਿੱਚ ਵਾਪਸ ਜਾ ਰਹੇ ਸਨ ਤਾਂ ਅਮਨ ਸਿੱਧੂ ,ਦਵਿੰਦਰ ਕੰਬੋਜ ਬੰਟੀ ਸਰਾਂ ਨੇ ਸਾਡਾ ਪਿੱਛਾ ਵੀ ਕੀਤਾ। ਪੁਲਿਸ ਨੇ ਪੀੜਤਾਂ ਦੇ ਬਿਆਨਾਂ ਦੇ ਆਧਾਰ ‘ਤੇ 7 ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕੀਤਾ ਹੈ