ਪੰਜਾਬ ਵਿੱਚ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ। ਖੁੰਡ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਆਪਣੀ ਨੂੰਹ ਪਰਮਪਾਲ ਕੌਰ ਮਲੂਕਾ ਅਤੇ ਬੇਟੇ ਗੁਰਪ੍ਰੀਤ ਸਿੰਘ ਮਲੂਕਾ ਨਾਲ ਜਲਦੀ ਹੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।
ਕੀ ਬਣ ਰਹੀ ਹੈ ਬਠਿੰਡੇ ਦੀ ਸਿਆਸਤ ?
ਸਿਆਸੀ ਜਾਸੂਸਾਂ ਦੀ ਮੰਨੀਏ ਤਾਂ ਮਲੂਕਾ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅੰਤਿਮ ਮੀਟਿੰਗ ਹੋ ਚੁੱਕੀ ਹੈ।
ਇਸ ਮੁਲਾਕਾਤ ਤੋਂ ਬਾਅਦ ਹੀ ਮਲੂਕਾ ਦੀ ਨੂੰਹ ਆਈਏਐਸ ਪਰਮਪਾਲ ਕੌਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸੂਤਰਾਂ ਅਨੁਸਾਰ ਭਾਜਪਾ ਜਲਦੀ ਹੀ ਬਠਿੰਡਾ ਸੀਟ ਤੋਂ ਪਰਮਪਾਲ ਕੌਰ ਮਲੂਕਾ ਨੂੰ ਆਪਣਾ ਉਮੀਦਵਾਰ ਐਲਾਨ ਦੇਵੇਗੀ। ਜਾਸੂਸ ਤਾਂ ਇਹ ਵੀ ਕਹਿ ਰਹੇ ਹਨ ਕਿ ਮਲੂਕਾ ਆਪਣੀ ਨੂੰਹ ਪਰਮਪਾਲ ਕੌਰ ਮਲੂਕਾ ਨੂੰ ਬਠਿੰਡਾ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜਨ ਦੀ ਇਜਾਜ਼ਤ ਦੇਣ ਦੀ ਸ਼ਰਤ ‘ਤੇ ਹੀ ਭਾਜਪਾ ‘ਚ ਸ਼ਾਮਲ ਹੋ ਰਹੇ ਹਨ। ਇਸ ਤੋਂ ਇਲਾਵਾ ਭਾਜਪਾ ਵੱਲੋਂ ਸਿਕੰਦਰ ਸਿੰਘ ਮਲੂਕਾ ਨੂੰ ਵੀ ਅਹੁਦਾ ਦਿੱਤਾ ਜਾ ਸਕਦਾ ਹੈ।
ਫਿਕਰਾਂ ਵਿੱਚ ਪਿਆ ਅਕਾਲੀ ਦਲ !
ਇਸ ਸਿਆਸੀ ਧੂੰਏ ਦੇ ਉੱਠਣ ਤੋਂ ਬਾਅਦ ਇਸ ਉੱਤੇ ਗਿੱਲਾ ਕੱਪੜਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਹਰ ਕੋਸ਼ਿਸ਼ ਕਰ ਰਹੇ ਹਨ ਕਿ ਮਲੂਕਾ ਪਰਿਵਾਰ ਅਕਾਲੀ ਦਲ ਨੂੰ ਨਾ ਛੱਡੇ।
ਸਿਕੰਦਰ ਸਿੰਘ ਮਲੂਕਾ ਨੇ ਕੀ ਕਿਹਾ ?
ਜ਼ਿਕਰ ਕਰ ਦਈਏ ਕਿ ਬੀਤੇ ਦਿਨੀਂ ਭਾਜਪਾ ਵਿੱਚ ਜਾਣ ਦੀਆਂ ਚਰਚਾਵਾਂ ਨੂੰ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਨੇ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਅਕਾਲੀ ਦਲ ਦੇ ਸਿਪਾਹੀ ਹਨ ਅਤੇ ਹਮੇਸ਼ਾ ਅਕਾਲੀ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਹਨ, ਇਹ ਮਹਿਜ਼ ਅਫਵਾਹਾਂ ਹਨ, ਇਨ੍ਹਾਂ ਵਿਚ ਕੋਈ ਸੱਚਾਈ ਨਹੀਂ ਹੈ।
ਬੱਸ ਹੁਣ ਸਥਿਤੀ ਹੋ ਜਾਵੇਗੀ ਸਾਫ਼
ਫਿਲਹਾਲ ਇਹ ਚਰਚਾਵਾਂ ਹੀ ਹਨ ਪਰ ਕਿਹਾ ਜਾਂਦਾ ਹੈ ਜੇ ਕਿਤੇ ਅੱਗ ਲੱਗੀ ਹੁੰਦੀ ਹੈ ਤਾਂ ਧੂੰਆ ਵੀ ਉੱਥੇ ਹੀ ਉੱਠਦਾ ਹੈ। ਆਉਣ ਵਾਲੇ ਕੁਝ ਦਿਨਾਂ ਵਿੱਚ ਇਹ ਸਥਿਤੀ ਸਾਫ਼ ਹੋ ਜਾਵੇਗੀ ਕਿ ਟਕਸਾਲੀ ਅਕਾਲੀ ਹੁਣ ਭਗਵੇ ਰੰਗਾਂ ਵਿੱਚ ਰੰਗੇ ਜਾਂਦੇ ਹਨ ਜਾਂ ਫਿਰ ਉਹ ਇਸ ਨਾਅਰੇ ਉੱਤੇ ਖਰੇ ਉੱਤਰਣਗੇ ਕਿ ਅਕਾਲੀ ਸੀ ਤੇ ਅਕਾਲੀ ਰਹਾਂਗੇ !