ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ ਇੱਕ ਸਾਲ ਵਿੱਚ 500 ਰੁਪਏ ਦੇ ਨਕਲੀ ਨੋਟ ਚਲਣ ਵਿੱਚ ਦੁੱਗਣੇ ਹੋ ਗਏ ਹਨ, ਜਦੋਂ ਕਿ 2000 ਰੁਪਏ ਦੇ ਨਕਲੀ ਨੋਟਾਂ ਵਿੱਚ ਵੀ ਡੇਢ ਗੁਣਾ ਵਾਧਾ ਹੋਇਆ ਹੈ। RBI ਨੇ ਕਿਹਾ ਕਿ ਵਿੱਤੀ ਸਾਲ 2021-22 ‘ਚ ਦੇਸ਼ ‘ਚ ਪ੍ਰਚਲਿਤ ਕਰੰਸੀ ‘ਚ ਨਕਲੀ ਨੋਟਾਂ ਦੀ ਗਿਣਤੀ ‘ਚ ਭਾਰੀ ਵਾਧਾ ਹੋਇਆ ਹੈ।
ਸਭ ਤੋਂ ਵੱਧ ਵਾਧਾ 500 ਰੁਪਏ ਦੇ ਨੋਟ ਵਿੱਚ ਹੋਇਆ ਹੈ। ਵਿੱਤੀ ਸਾਲ 2020-21 ਦੀ ਤੁਲਨਾ ‘ਚ 500 ਰੁਪਏ ਦੇ ਨਕਲੀ ਨੋਟਾਂ ‘ਚ 102 ਫੀਸਦੀ ਦਾ ਵਾਧਾ ਹੋਇਆ ਹੈ। 2000 ਰੁਪਏ ਦੇ ਨਕਲੀ ਨੋਟਾਂ ‘ਚ 54 ਫੀਸਦੀ ਦਾ ਉਛਾਲ ਆਇਆ ਹੈ। 10 ਰੁਪਏ ਦੇ ਨਕਲੀ ਨੋਟਾਂ ‘ਚ 16.4 ਫੀਸਦੀ, 20 ਰੁਪਏ ਦੇ ਨਕਲੀ ਨੋਟਾਂ ‘ਚ 16.5 ਫੀਸਦੀ, 200 ਰੁਪਏ ਦੇ ਨਕਲੀ ਨੋਟਾਂ ‘ਚ 11.7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ 50 ਅਤੇ 100 ਰੁਪਏ ਦੇ ਨਕਲੀ ਨੋਟਾਂ ‘ਚ ਕਮੀ ਆਈ ਹੈ। 50 ਰੁਪਏ ਦੇ ਨਕਲੀ ਨੋਟਾਂ ਦੀ ਗਿਣਤੀ ਸਾਲਾਨਾ ਆਧਾਰ ‘ਤੇ 28.7 ਫੀਸਦੀ ਅਤੇ 100 ਰੁਪਏ ਦੇ ਨੋਟਾਂ ਦੀ ਗਿਣਤੀ 16.7 ਫੀਸਦੀ ਘਟੀ ਹੈ।
ਮੁੱਲ ਦੇ ਆਧਾਰ ‘ਤੇ ਪ੍ਰਚਲਿਤ ਕਰੰਸੀ ‘ਚ 500 ਅਤੇ 2000 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ 87.1 ਫੀਸਦੀ ਹੈ। ਇਹ ਰਿਪੋਰਟ 31 ਮਾਰਚ 2022 ‘ਤੇ ਆਧਾਰਿਤ ਹੈ। 31 ਮਾਰਚ 2021 ਤੱਕ ਇਨ੍ਹਾਂ ਦੋਵਾਂ ਨੋਟਾਂ ਦੀ ਹਿੱਸੇਦਾਰੀ 85.7 ਫੀਸਦੀ ਸੀ। ਵਾਲੀਅਮ ਦੇ ਆਧਾਰ ‘ਤੇ 500 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ 34.9 ਫੀਸਦੀ ਹੈ। ਇਸ ਤੋਂ ਬਾਅਦ 10 ਰੁਪਏ ਦੇ ਨੋਟਾਂ ਦੀ ਹਿੱਸੇਦਾਰੀ 21.3 ਫੀਸਦੀ ਹੈ। ਇਹ 31 ਮਾਰਚ, 2022 ਤੱਕ ਸਰਕੁਲੇਸ਼ਨ ਵਿੱਚ ਕੁੱਲ ਨੋਟਾਂ ‘ਤੇ ਆਧਾਰਿਤ ਹੈ। ਭਾਰਤੀ ਰਿਜ਼ਰਵ ਬੈਂਕ ਯਾਨੀ RBI ਮੁਤਾਬਕ 500 ਰੁਪਏ ਦੇ ਅਸਲੀ ਨੋਟ ਦੀ ਪਛਾਣ ਕੁਝ ਚੀਜ਼ਾਂ ਤੋਂ ਕੀਤੀ ਜਾ ਸਕਦੀ ਹੈ
ਕੇਂਦਰੀ ਬੈਂਕ ਮੁਤਾਬਕ 500 ਰੁਪਏ ਦੇ ਨੋਟ ਦੇ ਸਿੱਧੇ ਪਾਸੇ ਦੇਵਨਾਗਰੀ ‘ਚ 500 ਨੰਬਰ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਵਿਚਕਾਰ ਮਹਾਤਮਾ ਗਾਂਧੀ ਦੀ ਤਸਵੀਰ ਮੌਜੂਦ ਹੈ।ਇਸ ਵਿਚ ਭਾਰਤ ਅਤੇ ਇੰਡੀਆ ਦੇ ਨਾਲ ਰੰਗ ਬਦਲਣ ਵਾਲਾ ਸੁਰੱਖਿਆ ਧਾਗਾ ਵੀ ਹੈ। ਜਦੋਂ ਨੋਟ ਨੂੰ ਝੁਕਾਉਣ ਤੇ ਇਸ ਸੁਰੱਖਿਆ ਥਰੈਡ ਦਾ ਰੰਗ ਹਰੇ ਤੋਂ ਨੀਲੇ ਵਿੱਚ ਬਦਲ ਜਾਵੇਗਾ, ਜਿਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਨੋਟ ਅਸਲੀ ਹੈ। ਇਸ ਤੋਂ ਇਲਾਵਾ, ਨੋਟ ਦੇ ਅਗਲੇ ਪਾਸੇ ਗਾਰੰਟੀ ਕਲਾਜ਼ ਅਤੇ ਰਾਜਪਾਲ ਦੇ ਦਸਤਖਤ ਮੌਜੂਦ ਹਨ।
ਮਹਾਤਮਾ ਗਾਂਧੀ ਦੀ ਤਸਵੀਰ ਦੇ ਸੱਜੇ ਪਾਸੇ RBI ਦਾ ਚਿੰਨ੍ਹ ਵੀ ਦਿਖਾਈ ਦੇਵੇਗਾ। ਇਸ ਦੇ ਨਾਲ ਹੀ ਨੋਟ ਦੇ ਪਿਛਲੇ ਪਾਸੇ ਇਸ ਦੀ ਛਪਾਈ ਦਾ ਸਾਲ ਦਿੱਤਾ ਗਿਆ ਹੈ। ਪਿਛਲੇ ਪਾਸੇ ਸਲੋਗਨ ਦੇ ਨਾਲ ਸਵੱਛ ਭਾਰਤ ਦਾ ਲੋਗੋ ਵੀ ਮੌਜੂਦ ਹੈ। ਭਾਸ਼ਾ ਪੈਨਲ ਵੀ ਇੱਥੇ ਦਿਖਾਈ ਦੇਵੇਗਾ। ਇਸ ਦੇ ਨਾਲ ਹੀ ਲਾਲ ਕਿਲੇ ਦਾ ਨਮੂਨਾ ਵੀ ਮੌਜੂਦ ਹੈ। ਇੱਥੇ ਵੀ ਦੇਵਨਾਗਰੀ ਵਿੱਚ 500 ਨੰਬਰ ਲਿਖਿਆ ਹੋਇਆ ਹੈ।