ਸੌਂਫ਼ ਦਾ ਰਸ ਖਾਂਸੀ ਰੋਕਣ ਵਿਚ ਸਹਾਇਤਾ ਕਰਦਾ ਹੈ।ਆਯੁਰਵੇਦ ਵਿਚ ਸੌਂਫ਼ ਬਹੁਤ ਹੀ ਗੁਣਕਾਰੀ ਦਸੀ ਗਈ ਹੈ। ਇਸ ਦੇ ਬੂਟਿਆਂ ਦੀ ਉਚਾਈ ਤਿੰਨ ਤੋਂ ਚਾਰ ਫੁਟ ਦੇ ਦਰਮਿਆਨ ਹੁੰਦੀ ਹੈ।
ਇਸ ਦੀ ਤਾਸੀਰ ਗਰਮ ਖ਼ੁਸ਼ਕ ਹੁੰਦੀ ਹੈ। ਇਹ ਮਿਹਦੇ ਅਤੇ ਅੰਤੜੀਆਂ ਦੇ ਰੋਗ ਦੂਰ ਕਰਨ ਵਾਸਤੇ ਉੱਤਮ ਮੰਨੀ ਗਈ ਹੈ। ਇਹ ਅੱਖਾਂ ਦੀ ਰੌਸ਼ਨੀ ਵਧਾਉਂਦੀ ਹੈ। ਬਲਗਮ ਦੂਰ ਕਰਦੀ ਹੈ ਅਤੇ ਪਿਸ਼ਾਬ ਖੁਲ੍ਹ ਕੇ ਆਉਂਦਾ ਹੈ। ਇਹ ਦ੍ਰਵਕ ਹੈ, ਇਸ ਲਈ ਕਬਜ਼ ਵਿਚ ਵੀ ਗੁਣਕਾਰੀ ਹੈ। ਇਸ ਦੀ ਵਰਤੋਂ ਅਨੇਕਾਂ ਦਵਾਈਆਂ ਵਿਚ ਹੁੰਦੀ ਹੈ। ਸਬਜ਼ੀਆਂ ਅਤੇ ਅਚਾਰਾਂ ਵਿਚ ਇਸ ਦਾ ਉਪਯੋਗ ਕੀਤਾ ਜਾਂਦਾ ਹੈ। ਇਹ ਪੇਟ ਦੀਆਂ ਬਿਮਾਰੀਆਂ ਵਾਸਤੇ ਰਾਮਬਾਣ ਸਿੱਧ ਹੁੰਦੀ ਹੈ।
ਇਸ ਦਾ ਨਿਰੰਤਰ ਇਸਤੇਮਾਲ ਕਰਨ ਨਾਲ ਪੇਚਸ਼ ਅਤੇ ਸੰਗ੍ਰਿਹਣੀ ਦੇ ਰੋਗੀਆਂ ਨੂੰ ਬਹੁਤ ਲਾਭ ਹੁੰਦਾ ਹੈ। ਇਸ ਦਾ ਰਸ ਖਾਂਸੀ ਰੋਕਣ ਵਿਚ ਸਹਾਇਤਾ ਕਰਦਾ ਹੈ।
ਆਯੁਰਵੇਦ ਵਿਚ ਇਸ ਦੇ ਮਹੱਤਵ ਨੂੰ ਸਵੀਕਾਰਦੇ ਹੋਏ ਇਸ ਨੂੰ ਤ੍ਰਿਦੋਸ਼ ਨਾਸ਼ਕ (ਵਾਤ, ਪਿੱਤ ਅਤੇ ਕਫ਼ ਨਾਸ਼ਕ) ਬੁੱਧੀ ਵਧਾਉਣ ਵਾਲੀ, ਪਾਚਕ ਆਦਿ ਅਨੇਕਾਂ ਗੁਣਾਂ ਦੇ ਰੂਪ ਵਿਚ ਮਾਨਤਾ ਦਿਤੀ ਗਈ ਹੈ। ਕਬਜ਼ ਦੂਰ ਕਰਨ ਵਾਸਤੇ ਸੌਂਫ਼ ਪੀਹ ਕੇ ਰੱਖ ਲਵੋ। ਇਸ ਦਾ ਇਕ ਚਮਚ ਗੁਲਕੰਦ ਵਿਚ ਮਿਲਾ ਕੇ ਸਵੇਰੇ-ਸ਼ਾਮ ਖਾਣਾ-ਖਾਣ ਤੋਂ ਮਗਰੋਂ ਲੈਣ ਨਾਲ ਕਬਜ਼ ਦੂਰ ਹੋ ਜਾਂਦੀ ਹੈ। ਨਜ਼ਲਾ-ਜ਼ੁਕਾਮ ਹੋਣ ’ਤੇ ਇਕ ਕੱਪ ਚਾਹ ਜਾਂ ਪਾਣੀ ਵਿਚ ਇਕ ਚਮਚਾ ਸੌਂਫ਼ ਉਬਾਲ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਪੀ ਲਵੋ। ਨਜ਼ਲੇ-ਜ਼ੁਕਾਮ ਨੂੰ ਦੋ-ਤਿੰਨ ਦਿਨਾਂ ਵਿਚ ਅਰਾਮ ਆ ਜਾਵੇਗਾ।
ਜੇਕਰ ਕਿਸੇ ਦੀ ਪਾਚਨ ਕਿਰਿਆ ਖ਼ਰਾਬ ਹੋਵੇ ਤਾਂ ਉਸ ਦੇ ਮੂੰਹ ਵਿਚੋਂ ਬਦਬੂ ਆਉਣ ਲਗਦੀ ਹੈ। ਇਸ ਦਾ ਅੱਧਾ ਚਮਚ ਦਿਨ ਵਿਚ ਤਿੰਨ-ਚਾਰ ਵਾਰ ਚਬਾਉਣ ਨਾਲ ਮੂੰਹ ਦੀ ਬਦਬੂ ਹਟ ਜਾਂਦੀ ਹੈ ਅਤੇ ਪਾਚਨ ਕਿਰਿਆ ਵੀ ਠੀਕ ਹੋ ਜਾਂਦੀ ਹੈ। ਗਲੇ ਦੀ ਖ਼ਰਾਬੀ ਅਤੇ ਖੱਟੇ ਡਕਾਰ ਆਉਂਦੇ ਹੋਣ ਤਾਂ ਇਕ ਚਮਚ ਸੌਂਫ਼ ਇਕ ਕੱਪ ਪਾਣੀ ਵਿਚ ਉਬਾਲ ਕੇ ਥੋੜ੍ਹੀ ਜਿਹੀ ਮਿਸ਼ਰੀ ਮਿਲਾ ਕੇ ਪੀਣ ਨਾਲ ਇਕ-ਦੋ ਦਿਨਾਂ ਵਿਚ ਅਰਾਮ ਆ ਜਾਂਦਾ ਹੈ। ਇਹ ਦਿਮਾਗ਼ੀ ਕਮਜ਼ੋਰੀ ਅਤੇ ਸਰੀਰਕ ਕਮਜ਼ੋਰੀ ਦੂਰ ਕਰਦੀ ਹੈ। ਜੇਕਰ ਕਿਸੇ ਨੂੰ ਕਮਜ਼ੋਰੀ ਕਾਰਨ ਚੱਕਰ ਆਉਂਦੇ ਹੋਣ ਤਾਂ ਸੌਂਫ਼ ਕਿਸੇ ਵੀ ਤਰ੍ਹਾਂ ਖਾਧੀ ਲਾਭਕਾਰੀ ਹੈ।
ਇਸ ਦੀ ਨਿਰੰਤਰ ਵਰਤੋਂ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਜੇਕਰ ਪੇਟ ਵਿਚ ਦਰਦ ਹੋ ਜਾਵੇ ਤਾਂ ਇਕ-ਡੇਢ ਚਮਚ ਸੌਂਫ਼ ਤਵੇ ’ਤੇ ਭੁੰਨ ਲਵੋ ਅਤੇ ਚਬਾ ਕੇ ਖਾਵੋ, ਮਿੰਟਾਂ ਵਿਚ ਦਰਦ ਠੀਕ ਹੋ ਜਾਵੇਗਾ। ਸੰਗ੍ਰਿਹਣੀ ਦੇ ਰੋਗੀ ਭੁੰਨੀ ਹੋਈ ਸੌਂਫ਼ ਖਾਣਾ ਖਾਣ ਤੋਂ ਬਾਅਦ ਰੋਜ਼ਾਨਾ ਚਬਾ-ਚਬਾ ਕੇ ਖਾਣ ਤਾਂ ਬਹੁਤ ਫ਼ਾਇਦਾ ਹੁੰਦਾ ਹੈ। ਇਸ ਦਾ ਇਸਤੇਮਾਲ ਹਰ ਆਮ ਆਦਮੀ ਨੂੰ ਵੀ ਕਰਨਾ ਚਾਹੀਦਾ ਹੈ। ਇਸ ਨਾਲ ਅਨੇਕਾਂ ਪੇਟ ਦੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।