ਇੱਕ ਨਵੀਂ ਪੱਛਮੀ ਗੜਬੜੀ ਅੱਜ ਰਾਤ ਹਿਮਾਲਿਆ ਖੇਤਰ ਵਿੱਚ ਦਸਤਕ ਦੇਣ ਲਈ ਤਿਆਰ ਹੈ ਅਤੇ ਇਸ ਦਾ ਅਸਰ ਆਉਣ ਵਾਲੇ ਹਫ਼ਤੇ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਸਾਫ਼ ਤੌਰ ‘ਤੇ ਦੇਖਣ ਨੂੰ ਮਿਲੇਗਾ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਐਤਵਾਰ ਨੂੰ ਕਈ ਥਾਵਾਂ ‘ਤੇ ਬੱਦਲ ਗਰਜਣ, ਬਿਜਲੀ ਚਮਕਣ ਅਤੇ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ‘ਯੈਲੋ ਅਲਰਟ’ ਜਾਰੀ ਕੀਤਾ ਹੈ।

ਮੌਸਮ ਵਿਭਾਗ ਮੁਤਾਬਕ ਸੋਮਵਾਰ ਅਤੇ ਮੰਗਲਵਾਰ ਨੂੰ ਇਹ ਖ਼ਤਰਾ ‘ਓਰੇਂਜ ਅਲਰਟ’ ਵਿੱਚ ਬਦਲ ਜਾਵੇਗਾ, ਜਦੋਂ ਹਵਾਵਾਂ 50 ਤੋਂ 60 ਕਿਲੋਮੀਟਰ ਦੀ ਰਫ਼ਤਾਰ ਫੜ ਸਕਦੀਆਂ ਹਨ ਅਤੇ ਮੀਂਹ ਦੇ ਨਾਲ ਕੁਝ ਥਾਵਾਂ ‘ਤੇ ਗੜੇ ਵੀ ਪੈ ਸਕਦੇ ਹਨ।

ਬੁੱਧਵਾਰ ਨੂੰ ਫਿਰ ਤੋਂ ਯੈਲੋ ਅਲਰਟ ਰਹੇਗਾ ਅਤੇ ਸ਼ਨਿੱਚਰਵਾਰ ਤੱਕ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਲੂ ਚੱਲਣ ਦੇ ਕੋਈ ਆਸਾਰ ਨਹੀਂ ਹਨ। ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਵਿੱਚ ਤਾਪਮਾਨ ਸਥਿਰ ਰਹੇਗਾ, ਪਰ ਉਸ ਤੋਂ ਬਾਅਦ ਪਾਰਾ 3 ਤੋਂ 4 ਡਿਗਰੀ ਤੱਕ ਡਿੱਗ ਸਕਦਾ ਹੈ।

ਮੌਮਸ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਚੰਡੀਗੜ੍ਹ ਵਿੱਚ ਸੋਮਵਾਰ ਤੇ ਮੰਗਲਵਾਰ ਨੂੰ ਹਲਕਾ ਮੀਂਹ ਪੈ ਸਕਦਾ ਹੈ ਅਤੇ ਸੋਮਵਾਰ ਨੂੰ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਪੰਜਾਬ ਅਤੇ ਹਰਿਆਣਾ ਵਿੱਚ ਵੀ ਇਨ੍ਹਾਂ ਦੋਵਾਂ ਦਿਨਾਂ ਦੌਰਾਨ ਕਈ ਥਾਵਾਂ ‘ਤੇ ਹਲਕੇ ਤੋਂ ਦਰਮਿਆਨੇ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਅਪਰੈਲ ਤੋਂ ਬਾਅਦ ਇਹ ਮੀਂਹ ਦਾ ਸਭ ਤੋਂ ਵੱਡਾ ਦੌਰ ਹੋਵੇਗਾ ਅਤੇ ਕਈ ਥਾਈਂ ਗੜੇ ਵੀ ਪੈ ਸਕਦੇ ਹਨ। ਦੋਵਾਂ ਸੂਬਿਆਂ ਵਿੱਚ ਐਤਵਾਰ ਤੋਂ ਬੁੱਧਵਾਰ ਅਤੇ ਫਿਰ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਨੂੰ ਵੀ ਬੂੰਦਾਬਾਂਦੀ ਦੀ ਉਮੀਦ ਹੈ।