ਦੋਸਤੋ ਆਓ ਤੁਹਾਨੂੰ ਪੰਜਾਬੀਆਂ ਦੀ ਪਾਰਲੀਮੈਂਟ ਵਿੱਚ ਲੈ ਕੇ ਚੱਲੀਏ । ਇਹ ਪਾਰਲੀਮੈਂਟ ਦਾ ਸੈਸ਼ਨ ਹੁੰਦਾ ਲਗਭਗ ਰੋਜਾਨਾ ਹੁੰਦਾ ਹੈ । ਇਸ ਦੇ ਵਿੱਚ ਪੰਜਾਬੀ ਬੋਲਣ ਵਾਲਾ ਚਾਹੇ ਉਹ ਹਰਿਆਣੇ ਤੋਂ ਹੋਵੇ ਚਾਹੇ ਉਹ ਦਿੱਲੀ ਤੋਂ ਹੋਵੇ ਚਾਹੇ ਉਹ ਇੰਗਲੈਂਡ ਤੋਂ ਹੋਵੇ ਤੇ ਚਾਹੇ ਉਹ ਕਿਸੇ ਹੋਰ ਹਿੱਸੇ ਪੰਜਾਬ ਦੇ ਹਰ ਹਿੱਸੇ ਤੋਂ ਲਗਭਗ ਇਸ ਪਾਰਲੀਮੈਂਟ ਦੇ ਵਿੱਚ ਰੋਜਾਨਾ ਨਵੇਂ ਤੋਂ ਨਵੇਂ ਵੀਰ ਹਾਜ਼ਰ ਹੁੰਦੇ ਨੇ । ਕੁਝ ਇਸ ਪਾਰਲੀਮੈਂਟ ਦੇ ਪੱਕੇ ਹੀ ਮੈਂਬਰ ਨੇ ਜਿਹੜੇ ਲਗਭਗ ਰੋਜਾਨਾ ਹੀ ਇਸ ਦੇ ਵਿੱਚ ਹਾਜਰੀ ਭਰਦੇ ਨੇ ਔਰ ਸਭ ਤੋਂ ਵੱਡੀ ਗੱਲ ਇਸ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦਾ ਇੱਕ ਮੈਂਬਰ ਸੰਧੂ ਸਾਹਿਬ ਵੀ ਲਗਭਗ ਰੋਜਾਨਾ ਇੱਕ ਜਾਂ ਦੋ ਵਾਰ ਇਸ ਪਾਰਲੀਮੈਂਟ ਦੇ ਵਿੱਚ ਸ਼ਾਮਿਲ ਹੁੰਦਾ ਹੈ ।ਇਹ ਇੱਕ ਇਹੋ ਜਿਹੀ ਪਾਰਲੀਮੈਂਟ ਹੈ ਜਿਸ ਦੇ ਵਿੱਚ ਨਾ ਕੋਈ ਭੇਦ ਭਾਵ ਨਾ ਕੋਈ ਲਿਹਾਜ ਔਰ ਬੇਬਾਕ ਟਿੱਪਣੀਆਂ ਅਤੇ ਫੈਸਲੇ ਕੀਤੇ ਜਾਂਦੇ ਨੇ ਵੱਡੀ ਗੱਲ ਇਹ ਕਿ ਇਸ ਦੇ ਵਿੱਚ ਹਿੰਦੂ ਸਿੱਖ ਅਤੇ ਹੋਰ ਵੀ ਕੋਈ ਧਰਮ ਮੰਨਣ ਵਾਲਾ ਜਾਂ ਨਾ ਮੰਨਣ ਵਾਲਾ ਹੋਵੇ ਉਹ ਵੀ ਇਸ ਦੇ ਵਿੱਚ ਮਾਣ ਦੇ ਨਾਲ ਅਤੇ ਇੱਜਤ ਦੇ ਨਾਲ ਸਤਿਕਾਰ ਦੇ ਨਾਲ ਸ਼ਾਮਿਲ ਹੁੰਦੇ ਹਨ ।
ਸ਼ਾਇਦ ਤੁਸੀਂ ਤੁਸੀਂ ਸੋਚਦੇ ਹੋਵੋਗੇ ਕਿ ਇਹ ਕਿੱਥੇ ਬੈਠਦੀ ਹੈ ਪਰ ਦੋਸਤੋ ਵਿਦੇਸ਼ਾਂ ਦੇ ਵਿੱਚ ਲਗਭਗ ਹਰ ਉਸ ਕਲੋਨੀ ਦੇ ਵਿੱਚ ਹਰ ਉਸ ਏਰੀਏ ਦੇ ਵਿੱਚ ਜਿੱਥੇ ਪੰਜਾਬੀ ਵੱਸਦੇ ਨੇ ਜਾਂ ਜਿਆਦਾਤਰ ਵਸਦੇ ਨੇ ਇਹੋ ਜਿਹੀਆਂ ਪਾਰਲੀਮੈਂਟਾਂ ਬੈਠਿਆ ਕਰਦੀਆਂ ਨੇ ਪਰ ਅਸੀਂ ਤੁਹਾਨੂੰ ਲੈ ਕੇ ਚਲਦੇ ਆਗੇ ਟਰਾਂਟੋ ਦੇ ਵਿੱਚ ਬਰੈਮਟਨ ਦੇ ਨਾਲ ਕੈਨੇਡਾ ਏਰੀਆ ਨਵਾਂ ਵਸਿਆ ਕੈਲਡਾਨ ਜਿੱਥੇ ਹਾਲੇ ਤੱਕ ਪਾਰਕਾਂ ਦੀ ਉਸਾਰੀ ਨਹੀਂ ਹੋਈ ਔਰ ਪੰਜਾਬੀ ਵੀਰ ਕੁਝ ਥਾਵਾਂ ਦੇ ਉੱਤੇ ਬੈਂਚ ਲੱਗੇ ਹੋਏ ਨੇ ਜਿੱਥੇ ਰੋਡ ਦੇ ਕਿਨਾਰੇ ਦੇ ਉੱਤੇ ਆਮ ਹੀ ਟਰੈਫਿਕ ਲੰਘਦਾ ਪਰ ਪੰਜਾਬੀਆਂ ਦਾ ਸੁਭਾਅ ਹੈ ਤੇ ਉਹ ਇਕੱਠੇ ਹੋ ਕੇ ਬੈਠਦੇ ਨੇ । ਇਸ ਤਰ੍ਹਾਂ ਦੇ ਹੀ ਮੈਕਲੋਗਨ ਰੋਡ ਦੇ ਉੱਤੇ ਇੱਕ ਬੈਂਚ ਲੱਗੇ ਹੋਏ ਹਨ ਜਿੱਥੇ ਲਗਭਗ ਰੋਜਾਨਾ 20 ਤੋਂ 25 ਬੰਦੇ ਹਾਜਰੀ ਲਵਾਉਂਦੇ ਨੇ ਜਿਨਾਂ ਦੇ ਵਿੱਚ ਪ੍ਰਿੰਸੀਪਲ ਚਮਨ ਲਾਲ ਹੋਸਿਆਰਪੁਰ ਜੀ ਹਰਿਆਣੇ ਤੋਂ ਬਾਈ ਰਾਏ ਜਸਬੀਰ ਸਿੰਘ ਅਤੇ ਹੋਰ ਵੀ ਉਹਨਾਂ ਦੇ ਕਈ ਸਾਥੀ ਤੇ ਯੂਪੀ ਦੇ ਵਿੱਚ ਭਗਤ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਸੰਧੂ ਸਾਹਿਬ ਜਿਹੜੇ ਕਿ ਖਟਕ੍ੜ ਕਲਾਂ ਤੋਂ ਪਹਿਲਾਂ ਯੂਪੀ ਸਹਾਰਨਪੁਰ ਏਰੀਆ ਦੇ ਵਿੱਚ ਚਲੇ ਗਏ ਸਨ ਪਰ ਪੈਰ ਚੱਕਰ ਦੇ ਹੁੰਦਿਆਂ ਉਥੋਂ ਚਲਦਿਆਂ ਚਲਦਿਆਂ ਇੰਗਲੈਂਡ ਵਗੈਰਾ ਘੁੰਮਦੇ ਹੋਏ ਅੱਜ ਕੱਲ ਕੈਨੇਡਾ ਵਸੇ ਹੋਏ ਹਨ । ਇਸ ਤਰ੍ਹਾਂ ਹੀ ਹੋਰ ਅਨੇਕਾਂ ਪੰਜਾਬੀ ਕਿਸੇ ਨੇ ਖੇਤੀਬਾੜੀ ਦਾ ਵਿਸ਼ਾਲ ਤਜਰਬਾ ਰੱਖਿਆ ਹੋਇਆ ਕਈ ਵੀਰਾਂ ਨੇ ਨੌਕਰੀਆਂ ਦਾ ਵਿਸ਼ਾਲ ਤਜਰਬਾ ਰੱਖਿਆ ਹੋਇਆ ਜਿਨਾਂ ਦੇ ਵਿੱਚ ਦੋ ਤਿੰਨ ਪਟਵਾਰੀ ਇੱਕ ਵੀਰ ਨਹਿਰੀ ਮਹਿਕਮੇ ਦੇ ਵਿੱਚੋਂ ਐਸਡੀਓ ਤੇ ਇੱਕ ਖੇਤੀਬਾੜੀ ਯੂਨੀਵਰਸਿਟੀ ਦੇ ਪਰੋਫੈਸਰ ਹੋਰ ਹੀ ਕਿੰਨੇ ਹੀ ਕੋਈ ਅਧਿਆਪਕ ਕੋਈ ਲੇਖਕ ਤੇ ਕੋਈ ਕਿਸੇ ਹੋਰ ਖੇਤਰ ਦਾ ਮਾਹਰ ਇਸ ਦੇ ਵਿੱਚ ਸ਼ਾਮਿਲ ਹੁੰਦੇ ਹਨ ।
ਇਹਨਾਂ ਦੀ ਵਿਚਾਰ ਚਰਚਾ ਲਗਭਗ ਸਮੁੱਚੇ ਪੰਜਾਬੀਆਂ ਦੀ ਪ੍ਰਤੀਨਿਧਤਾ ਕਰਦੀ ਹੈ ਕਿਉਂਕਿ ਇਸ ਦੇ ਵਿੱਚ ਪੰਜਾਬ ਦੇ ਹਰ ਹਿੱਸੇ ਤੋਂ ਭਰਾ ਸ਼ਾਮਿਲ ਹੁੰਦੇ ਹਨ ਦੁਆਬੇ ਵਾਲੇ ਮਾਝੇ ਵਾਲੇ ਤੇ ਮਾਲਵੇ ਵਾਲੇ ਭਾਵੇਂ ਇਸ ਦੇ ਵਿੱਚ ਦੁਆਬੇ ਵਾਲੇ ਤੇ ਮਾਝੇ ਵਾਲੇ ਜਿਆਦਾ ਹੁੰਦੇ ਨੇ ਪਰ ਮਾਲਵੇ ਵਾਲੇ ਵੀ ਘੱਟ ਨਹੀਂ । ਨਿਰਮਲ ਸਿੰਘ ਮਾਨ ਅਤੇ ਨਿਰਭੈ ਧਾਲੀਵਾਲ ਚੌਂਕੀਮਾਨ ਜਿਲਾ ਲੁਧਿਆਣਾ ਤੋਂ 30 ਸਾਲ ਦੁਬਈ ਦੇ ਵਿੱਚ ਟਰਾਲੇ ਚਲਾਉਣ ਤੋਂ ਬਾਅਦ ਆਪਣੇ ਬੱਚਿਆਂ ਦੇ ਨਾਲ ਕਨੇਡਾ ਪਹੁੰਚੇ ਨੇ ਬੜੀ ਹੀ ਮਨ ਮੋਹ ਲੈਣ ਵਾਲੀ ਸ਼ਖਸ਼ੀਅਤ ਦਿਲਦਾਰ ਇਨਸਾਨ 75 80 ਸਾਲ ਦੀ ਉਮਰ ਦੇ ਵਿੱਚ ਵੀ ਦਗਦੇ ਚਿਹਰੇ ਨਾਲ ਬਹੁਤ ਹੀ ਸਿਆਣੀਆਂ ਗੱਲਾਂ ਦੇ ਨਾਲ ਸਾਰਿਆਂ ਨੂੰ ਆਪਣੀ ਕੀਲ ਵਿੱਚ ਲੈ ਲੈਂਦੇ ਨੇ । ਦੁਆਬੇ ਤੋਂ ਆਏ ਹੋਏ ਪੈਟਰੋਲ ਪੰਪ ਦਾ ਕਾਰੋਬਾਰ ਛੱਡ ਕੇ ਆਪਣੀ ਪ੍ਰੋਫੈਸਰੀ ਪ੍ਰਿੰਸੀਪਲ ਦੀ ਨੌਕਰੀ ਪੂਰੀ ਕਰਕੇ ਆਏ ਹੋਏ ਚਮਨ ਲਾਲ ਜੀ ਭਾਵੇਂ ਹਿੰਦੂ ਧਰਮ ਨਾਲ ਸੰਬੰਧਿਤ ਨੇ ਪਰ ਆਪਣੀ ਬੇਬਾਕ ਰਾਏ ਦੇ ਨਾਲ ਉਹ ਸਾਰਿਆਂ ਦਾ ਹੀ ਸਤਿਕਾਰ ਦੇ ਪਾਤਰ ਹੁੰਦੇ ਹਨ ਔਰ ਲਗਭਗ ਹਰ ਮੁੱਦੇ ਦੇ ਉੱਤੇ ਪੰਜਾਬੀਅਤ ਦਾ ਪੱਖ ਲੈਣਾ ਉਹਨਾਂ ਦਾ ਕਿਸੇ ਵੀ ਕੌਮੀਅਤ ਦੇ ਬਾਰੇ ਨਫਰਤ ਨਾ ਰੱਖਣੀ ਤੇ ਆਪਣੀ ਗੱਲ ਬੜੀ ਧੜੱਲੇ ਦੇ ਨਾਲ ਪਿਆਰ ਨਾਲ ਸਤਿਕਾਰ ਦੇ ਨਾਲ ਔਰ ਇੱਕ ਪੂਰਨ ਇਨਸਾਨ ਦੇ ਤੌਰ ਦੇ ਉੱਤੇ ਗੱਲ ਕਹਿਣ ਦਾ ਦਮ ਰੱਖਦੇ ਨੇ । ਬਹੁਤ ਸਾਰੇ ਭਰਾ ਇਹੋ ਜਿਹੇ ਵੀ ਆਉਂਦੇ ਹਨ ਜਿਹੜੇ ਆਪਣੀਆਂ ਪਰਿਵਾਰਕ ਉਲਜਣਾਂ ਦੇ ਵਿੱਚੋਂ ਨਿਕਲ ਨਹੀਂ ਸਕੇ ਭਾਵੇਂ ਉਹ ਕਬੀਲਦਾਰੀ ਪੱਖੋਂ ਫਾਰਗ ਨੇ ਪਰ ਕਦੇ ਉਹਨਾਂ ਨੂੰ ਆਪਣੀ ਪੈਨਸ਼ਨ ਦਾ ਫਿਕਰ ਕਦੇ ਉਹਨਾਂ ਨੂੰ ਆਪਣੇ ਪਰਿਵਾਰ ਦਾ ਫਿਕਰ ਲੈ ਲੈਂਦਾ ਪਰ ਬਹੁਤ ਸਾਰੇ ਮਿੱਤਰ ਦੋਸਤ ਇਸ ਪਾਰਲੀਮੈਂਟ ਦੇ ਵਿੱਚ ਇਹੋ ਜਿਹੇ ਹੁੰਦੇ ਹਨ ਜਿਹੜੇ ਕਿ ਆਪਣੀ ਜ਼ਿੰਦਗੀ ਦੇ ਕੰਮਾਂ ਧੰਦਿਆਂ ਵਾਲੀ ਜ਼ਿੰਦਗੀ ਲੰਘਾਉਣ ਤੋਂ ਬਾਅਦ ਰੈਸਟ ਮੋੜ ਦੇ ਵਿੱਚ ਬੇਬਾਕ ਭਵਿੱਖ ਦੇ ਬਾਰੇ ਜਾਂ ਵਰਤਮਾਨ ਸਮੇਂ ਨੂੰ ਮਾਨਣ ਦੇ ਵਿੱਚ ਆਪਣਾ ਵਿਸ਼ਵਾਸ ਰੱਖਦੇ ਹਨ । ਇੱਕ ਵੀਰ ਦੀਦਾਰ ਸਿੰਘ ਜਿਨਾਂ ਨੇ ਡਰੇਨੇਜ ਵਿਭਾਗ ਦੇ ਵਿੱਚ ਰਿਟਾਇਰਮੈਂਟ ਤੱਕ ਕੰਮ ਕੀਤਾ ਉਸ ਸਮੇਂ ਦੇ ਅਨੇਕਾਂ ਤਜਰਬੇ ਆਪਣੇ ਪਰਿਵਾਰ ਦੇ ਤਜਰਬੇ ਬੜੀ ਹੀ ਗੰਭੀਰਤਾ ਨਾਲ ਸੁਣਾਉਂਦੇ ਨੇ ਤੇ ਸਾਰੇ ਸਰੋਤੇ ਦਿਲਚਸਪੀ ਨਾਲ ਸੁਣਦੇ ਨੇ । ਪ੍ਰਿੰਸੀਪਲ ਚਮਨ ਲਾਲ ਜੀ ਜਦੋਂ ਪੰਜਾਬੀਅਤ ਦੀ ਵਿਆਖਿਆ ਕਰਦੇ ਨੇ ਜਾਂ ਕੋਈ ਮਸਲਾ ਜਦ ਅੜ ਜਾਂਦਾ ਤਾਂ ਉਸ ਦੇ ਨਾਲ ਸੰਬੰਧਿਤ ਕੋਈ ਨਾ ਕੋਈ ਕਹਾਣੀ ਸੁਣਾ ਕੇ ਹਰ ਉਸ ਅੜੇ ਹੋਏ ਮਸਲੇ ਦਾ ਫੈਸਲਾ ਕਰ ਦਿੰਦੇ ਨੇ । ਦੋ ਪਟਵਾਰੀ ਸਾਹਿਬਾਨ ਨੇ ਇੱਕ ਦਾ ਝੁਕਾ ਸਿੱਖ ਧਰਮ ਵੱਲ ਜਿਆਦਾ ਪਰ ਇੱਕ ਆਜ਼ਾਦ ਖਿਆਲ ਦੇ ਨੇ ਪਰ ਦੋਨੋਂ ਹੀ ਆਪਣੀ ਵਿਚਾਰ ਚਰਚਾ ਦੇ ਵਿੱਚ ਰੰਗ ਬੰਨ ਦਿੰਦੇ ਨੇ ।
ਜੇ ਕਦੇ ਹਰਿਆਣੇ ਅਤੇ ਪੰਜਾਬ ਦੀ ਆਪਸੀ ਨਫਰਤ ਨੂੰ ਪਰਾਂ ਸਿੱਟ ਕੇ ਅਸੀਂ ਪੰਜਾਬੀਅਤ ਦਾ ਰੰਗ ਰੂਪ ਦੇਖਣਾ ਹੋਵੇ ਤਾਂ ਪਿਹੋਵਾ ਦੇ ਪਿੰਡ ਗੁਮਥਲਾ ਤੋਂ ਆਏ ਹੋਏ ਰਾਏ ਜਸਵੀਰ ਸਿੰਘ ਤੋਂ ਬੜੀਆਂ ਸਿਆਣੀਆਂ ਸਿਆਣੀਆਂ ਗੱਲਾਂ ਸੁਣਦੇ ਹਾਂ, ਜਿਨਾਂ ਦੇ ਵਿੱਚ ਕਦੇ ਵੀ ਕਿਸੇ ਕਿਸਮ ਦੀ ਕੋਈ ਨਫਰਤ ਨਹੀਂ ਹੁੰਦੀ । ਹਰ ਗੱਲ ਨੂੰ ਗੰਭੀਰਤਾ ਦੇ ਨਾਲ ਕਹਿਣਾ ਸੁਣਨਾ ਇਹ ਉਹਨਾਂ ਦੇ ਹਿੱਸੇ ਹੀ ਆਉਂਦਾ । ਬਾਈ ਧਰਮ ਸਿਉ ਜਦੋਂ ਵੀ ਕਦੇ ਗਲ ਕਰਦੇ ਨੇ ਉਹ ਹਮੇਸ਼ਾ ਹੱਸਣ ਵਾਲੀ ਤੇ ਹਸਾਉਣ ਵਾਲੀ ਗੱਲ ਕਰਦੇ ਨੇ ਪਰ ਜਦੋਂ ਅਖਾੜਾ ਭਖਿਆ ਹੋਵੇ ਤਾਂ ਉਹ ਸਾਰਿਆਂ ਤੋਂ ਵਧੀਆ ਸਰੋਤੇ ਹੁੰਦੇ ਹਨ ਅਤੇ ਕਦੇ ਵੀ ਗੱਲਬਾਤ ਦੇ ਵਿੱਚ ਬਹੁਤ ਹੀ ਘੱਟ ਦਖਲ ਦਿੰਦੇ ਨੇ । ਇੱਕ ਵੀਰ ਦੁਆਬੇ ਤੋਂ ਚੀਮਾ ਸਾਹਿਬ ਆਏ ਹੋਏ ਨੇ ਉਹਨਾਂ ਦਾ ਆਪਣਾ ਹੀ ਰੰਗ ਹੈ ਔਰ ਹਮੇਸ਼ਾ ਹਰ ਗੱਲ ਦੇ ਵਿੱਚ ਹਾਸਾ ਪੈਦਾ ਕਰਨਾ ਜਾਂ ਹਰ ਗੱਲ ਨੂੰ ਹਾਸੇ ਵਿੱਚ ਲੈ ਜਾਣਾ ਔਰ ਆਪਣੀਆਂ ਸਭ ਤੋਂ ਵੱਧ ਸੁਣਾਉਣੀਆਂ ਦੂਜਿਆਂ ਦੀਆਂ ਨਾ ਸੁਣਨੀਆਂ ਪਰ ਸਾਰੇ ਉਹਨਾਂ ਦੀਆਂ ਗੱਲਾਂ ਨੂੰ ਸੁਣ ਸੁਣ ਕੇ ਖੁਸ਼ ਹੁੰਦੇ ਨੇ ਤੇ ਉਹ ਵੀ ਕਦੇ ਕਿਸੇ ਦੀ ਪਰਵਾਹ ਨਹੀਂ ਕਰਦੇ ।
ਇਹਨਾਂ ਤੋਂ ਬਿਨਾਂ ਇੱਕ ਹੋਰ ਵੀਰ ਜੀ ਜਿਹੜੇ ਨੇ ਬਚਪਨ ਦੇ ਵਿੱਚ ਹੀ ਆਪਣੇ ਬਾਪ ਦੇ ਕੋਲ ਪੰਜ ਛੇ ਸਾਲ ਦੀ ਉਮਰ ਦੇ ਵਿੱਚ ਇੰਗਲੈਂਡ ਚਲੇ ਗਏ ਅਤੇ 20-22 ਸਾਲ ਇੰਗਲੈਂਡ ਦੇ ਵਿੱਚ ਲਾਉਣ ਤੋਂ ਬਾਅਦ ਜ਼ਿੰਦਗੀ ਦੇ ਦੁੱਖਾਂ ਸੁੱਖਾਂ ਦੇ ਵਿੱਚੋਂ ਲੰਘਦਿਆਂ ਹੋਇਆਂ ਹਰਭਜਨ ਸਿੰਘ ਧਾਮੀ ਸਾਹਿਬ ਕਨੇਡਾ ਪਹੁੰਚ ਗਏ ਨੇ । ਇੰਗਲੈਂਡ ਤੇ ਕਨੇਡਾ ਦੇ ਵਿੱਚ ਲਗਭਗ 18 ਵਾਰ ਆਪਣਾ ਘਰ ਬਦਲ ਚੁੱਕੇ ਪਹਿਲੀ ਪਤਨੀ ਅਤੇ ਪੁੱਤਰਾਂ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਵਾਉਣ ਤੋਂ ਬਾਅਦ ਜਿੰਦਗੀ ਬਤੀਤ ਕਰ ਰਹੇ ਹਨ । ਉਹਨਾਂ ਕਰੋੜਾਂ ਰੁਪਆ ਕਮਾਉਣ ਤੋਂ ਬਾਅਦ ਦੁਨਿਆਵੀ ਝਮੇਲੇ ਕਬੀਲਦਾਰੀ ਦੀਆਂ ਹਨੇਰੀਆਂ ਨੇ ਹੀਰੋ ਤੋਂ ਜੀਰੋ ਤੇ ਲਿਆ ਖੜਾ ਕੀਤਾ ਹੈ ਅਤੇ ਅਦਾਲਤੀ ਫੇਸਲਿਆ ਤੇ ਕਿਸਮਤ ਟਿਕਾਈ ਬੈਠੇ ਹਨ । ਜੇ ਅਦਾਲਤ ਉਹਨਾਂ ਦੇ ਹੱਕ ਵਿੱਚ ਫੈਸਲਾ ਦਿੰਦੀ ਹੈ ਤਾਂ ਉਹ ਕਰੋੜਾਂ ਦੇ ਮਾਲਕ ਹਨ ਔਰ ਜੇ ਅਦਾਲਤ ਉਹਨਾਂ ਦੇ ਖਿਲਾਫ ਜਾਂਦੀ ਹੈ ਤਾਂ ਉਹ ਕੱਖੋਂ ਹੌਲੇ ਹੋਣ ਦੀ ਸਥਿਤੀ ਵਿੱਚ ਬੈਠੇ ਹਨ
ਸੋ ਇਸ ਤਰ੍ਹਾਂ ਦੀਆਂ ਹੀ ਅਨੇਕਾਂ ਕਹਾਣੀਆਂ ਇਥੇ ਇੱਕ ਦੂਸਰੇ ਤੋਂ ਸੁਣਦਿਆਂ ਹੋਇਆਂ ਇੱਕ ਦੂਜੇ ਦੇ ਦੁੱਖ ਦਰਦ ਸਾਂਝੇ ਕਰਦਿਆਂ ਦੀ ਇਹ ਪੰਜਾਬੀਆਂ ਦੀ ਪਾਰਲੀਮੈਂਟ ਸਦਾ ਹੀ ਇਸੇ ਤਰ੍ਹਾਂ ਬੈਠਦੀ ਰਹੂਗੀ ਅਤੇ ਬੈਠਦੀ ਰਹੇ ਦੀ ਦੁਆਵਾਂ ਮੰਗਦੇ ਨੇ ਇੱਥੇ ਬੈਠਣ ਵਾਲੇ | ਸੋ ਤੁਸੀਂ ਵੀ ਪੰਜਾਬੀਆਂ ਦੇ ਸੁਭਾਅ ਅਨੁਸਾਰ ਇਸ ਤਰ੍ਹਾਂ ਦੀਆਂ ਥਾਵਾਂ ਦੇ ਉੱਤੇ ਅਨੇਕਾਂ ਵਾਰ ਬੈਠੇ ਹੋਵੋਗੇ ਅਤੇ ਆਨੰਦ ਲਿਆ ਹੋਵੇਗਾ ਅਤੇ ਇਸ ਰੰਗ ਵਿੱਚ ਸੰਸਾਰ ਦੇ ਪੰਜਾਬੀਆਂ ਦੇ ਸੁਭਾਅ ਅਨੁਸਾਰ ਪੰਜਾਬੀ ਹਮੇਸ਼ਾ ਇਸ ਤਰ੍ਹਾਂ ਹੀ ਮਿਲਦੇ ਜੁਲਦੇ ਰਹਿਣ ਦੀਆਂ ਦੁਆਵਾਂ ਕਰਦੇ ਹਾਂ | ਆਸ ਕਰਦੇ ਹਾਂ ਪੰਜਾਬੀ ਜਿੱਥੇ ਵੀ ਜਾਣਗੇ ਚੰਗੇ ਕੰਮ ਕਰਦਿਆਂ ਹੋਇਆਂ ਪੰਜਾਬ ਦਾ ਨਾਂ ਗੁਰੂਆਂ ਦਾ ਨਾਂ ਉੱਚਾ ਕਰਦੇ ਰਹਿਣ ਤੁਸੀਂ ਵੀ ਪੰਜਾਬੀਆਂ ਦੀਆਂ ਇਸ ਤਰ੍ਹਾਂ ਦੀਆਂ ਸੱਥਾਂ ਸਦਾ ਲੱਗਦੀਆਂ ਰਹਿਣ ਦੇ ਲਈ ਦੁਆ ਕਰਿਓ ਤੇ ਪੰਜਾਬੀਆਂ ਦਾ ਇਹ ਰੰਗ ਸਦਾ ਦੁਨੀਆਂ ਦੇ ਉੱਤੇ ਜਿਉਂਦਾ ਰਹੇ |
ਪੰਜਾਬੀਆਂ ਦੀ ਪਾਰਲੀਮੈਂਟ
ਗੁਰਚਰਨ ਸਿੰਘ ਪੱਖੋ ਕਲਾਂ ਮੋਬਾਈਲ 9417 7 27245