ਛੋਟਾ ਭਰਾ ਤੇ ਮਾਂ ਨੂੰ ਕੀਤਾ ਜ਼ਖ਼ਮੀ
ਮਾਨਸਾ ਜ਼ਿਲ੍ਹੇ ਦੇ ਪਿੰਡ ਧਨਪੁਰਾ ਵਿਚ ਜ਼ਮੀਨ ਦੀ ਵੰਡ ਨੂੰ ਲੈ ਕੇ ਵੱਡੇ ਪੁੱਤਰ ਵੱਲੋਂ ਆਪਣੇ ਪਿਤਾ ਨੂੰ ਕੁਹਾੜੀ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਸ ਨੇ ਮਾਂ ਅਤੇ ਛੋਟੇ ਭਰਾ ’ਤੇ ਵੀ ਹਮਲਾ ਕੀਤਾ ਅਤੇ ਉਹ ਵੀ ਜ਼ਖਮੀ ਹੋ ਗਏ।

ਵੇਰਵਿਆਂ ਅਨੁਸਾਰ ਰਾਏ ਸਿੰਘ ਪਿੰਡ ਧਨਪੁਰਾ ਦਾ ਆਪਣੇ ਪਿਤਾ ਗੁਰਜੰਟ ਸਿੰਘ (65) ਨਾਲ ਜ਼ਮੀਨ ਦੀ ਵੰਡ ਨੂੰ ਲੈ ਕੇ ਤਕਰਾਰ ਚੱਲ ਰਿਹਾ ਸੀ। ਰਾਏ ਸਿੰਘ ਨੇ ਛੋਟੇ ਭਰਾ ਸੁਖਪਾਲ ਸਿੰਘ ਦੇ ਘਰ ਦੀ ਕੰਧ ਟੱਪ ਕੇ ਪਿਤਾ ਗੁਰਜੰਟ ਸਿੰਘ ’ਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਗੁਰਜੰਟ ਸਿੰਘ ਕੋਲ 4 ਏਕੜ ਜ਼ਮੀਨ ਸੀ, ਜਿਸਦੀ ਵੰਡ ਨੂੰ ਲੈਕੇ ਅਕਸਰ ਘਰ ਦੇ ਵਿੱਚ ਵੱਡਾ ਪੁੱਤਰ ਝਗੜਾ ਕਰਦਾ ਸੀ ਤੇ ਜ਼ਮੀਨ ਦੀ ਵੰਡ ਵਿੱਚ ਦੋ ਏਕੜ ਜ਼ਮੀਨ ਲੈਣ ਲਈ ਲੜਦਾ ਰਹਿੰਦਾ ਸੀ। ਉਸ ਨੇ ਆਪਣੀ ਮਾਂ ਅਤੇ ਛੋਟੇ ਭਰਾ ਸੁਖਪਾਲ ਸਿੰਘ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਬਾਅਦ ’ਚ ਫਰਾਰ ਹੋ ਗਿਆ।


ਥਾਣਾ ਬਰੇਟਾ ਦਾ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਛੋਟੇ ਪੁੱਤਰ ਸੁਖਪਾਲ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਵੱਡੇ ਪੁੱਤਰ ਰਾਏ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਪਰ ਹਾਲੇ ਉਹ ਫਰਾਰ ਹੈ। ਉਨ੍ਹਾਂ ਦੱਸਿਆ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਹੈ ਅਤੇ ਸੁਖਪਾਲ ਸਿੰਘ ਨੂੰ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।